ਜੀਵਨ ਸਫ਼ਰ ਮਾ: ਜੁਗਿੰਦਰ ਸਿੰਘ ਜੀ ਬੜੂੰਦੀ
(ਸੰਪਾਦਕ: ਅਨੰਤ ਪ੍ਰਵਾਹ ਟ੍ਰੱਸਟ ਯੂ.ਕੇ.)

ਉਨੀਂਵੀਂ ਸਦੀ ਦੇ ਅੰਤ ਵਿੱਚ ਨਗਰ ਬੜੂੰਦੀ ਵਿਖੇ ਇੱਕ ਪ੍ਰਸਿੱਧ ਸ਼ਖ਼ਸੀਅਤ ਹੋਈ ਜਿਸ ਦਾ ਨਾਮ ਸ: ਬੱਗਾ ਸਿੰਘ ਸੀ। ਆਪ ਗੁਰਬਾਣੀ ਦੇ ਸ਼ਰਧਾਲੂ ਅਤੇ ਕੁਦਰਤੀ ਕਵੀ ਵੀ ਸਨ। ਉਹ ਭਾਵੇਂ ਗੁਰਬਾਣੀ ਪੜ੍ਹ ਨਹੀਂ ਸਨ ਸਕਦੇ, ਪ੍ਰੰਤੂ ਆਪਣੇ ਬੱਚਿਆਂ ਨੂੰ ਕਿਸੇ ਹੋਰ ਕੰਮ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠੀ ਬਣਾਇਆ।

ਸ: ਬੱਗਾ ਸਿੰਘ ਜੀ ਦੀ ਧਰਮ ਪਤਨੀ ਦਾ ਨਾਮ ਬੀਬੀ ਗੁਲਾਬ ਕੌਰ ਸੀ। ਇਨ੍ਹਾਂ ਦੇ ਗ੍ਰਹਿ ਵਿਖੇ ਤਿੰਨ ਪੁੱਤਰ ਅਤੇ ਦੋ ਧੀਆਂ ਦਾ ਜਨਮ ਹੋਇਆ। ਵੱਡਾ ਪੁੱਤਰ, ਦੌਲਤ ਸਿੰਘ, ਖੇਤੀਬਾੜੀ ਵਿੱਚ ਪੈ ਗਿਆ, ਛੋਟਾ ਹਰਬੰਤ ਸਿੰਘ ਜਮਾਂਦਰੂ ਗੂੰਗਾ-ਬੋਲਾ ਸੀ ਜਦਕਿ ਵਿਚਕਾਰਲੇ ਪੁੱਤਰ ਹਰਨਾਮ ਸਿੰਘ ਜਿਸ ਦੇ ਪੈਰ ਵੀ ਜਮਾਂਦਰੂ ਅੰਦਰ ਵੱਲ ਮੁੜੇ ਹੋਏ ਸਨ।।

ਹਰਨਾਮ ਸਿੰਘ ਦਾ ਜਨਮ ੧ ਨਵੰਬਰ ੧੯੦੦ ਨੂੰ ਹੋਇਆ ਸੀ। ਆਪ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ ਕਰਨ ਉਪਰੰਤ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ, ਅਧਿਆਪਕ ਦੀ ਯੋਗਤਾ ਹਾਸਲ ਕਰਨ ਵਾਸਤੇ ਜੇ.ਏ.ਵੀ. ਕੋਰਸ ਵਿੱਚ ਦਾਖ਼ਲਾ ਲੈ ਲਿਆ, ਜੋ ੧੯੨੪ ਵਿੱਚ ਪੂਰਾ ਕੀਤਾ।

Master Joginder Singh Ji Barundi

ਕੋਰਸ ਪੂਰਾ ਕਰਨ ਉਪਰੰਤ, ਹਰਨਾਮ ਸਿੰਘ ਨੇ ੧੯੨੫ ਵਿੱਚ ਗੁਰੂ ਹਰਿਗੋਬਿੰਦ ਖ਼ਾਲਸਾ ਹਾਈ ਸਕੂਲ ਗੁਰੂਸਰ ਸਧਾਰ ਵਿਖੇ, ਅਧਿਆਪਕ ਦੀ ਸੇਵਾ ਸੰਭਾਲ ਲਈ। ਇਸ ਦੇ ਨਾਲ ਹੀ ਆਪ ਨੇ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਵੀ ਪਾਨ ਕਰ ਲਿਆ ਅਤੇ ਆਪ ਦਾ ਨਾਮ ਜੁਗਿੰਦਰ ਸਿੰਘ ਰੱਖਿਆ ਗਿਆ ਅਤੇ ਆਪ ਮਾ: ਜੁਗਿੰਦਰ ਸਿੰਘ ਜੀ ਬੜੂੰਦੀ ਵਜੋਂ ਪ੍ਰਸਿੱਧ ਹੋਏ।

Master Joginder Singh Ji College Picture

ਸ: ਬੱਗਾ ਸਿੰਘ ਜੀ ਦੀਆਂ ਦੋ ਧੀਆਂ ਵਿੱਚੋਂ ਬੀਬੀ ਹਰਨਾਮ ਕੌਰ ਨੇੜਲੇ ਪਿੰਡ ਕੈਲੇ ਵਿਖੇ ਸ: ਚੰਨਣ ਸਿੰਘ ਨਾਲ ਵਿਆਹੀ ਗਈ ਜਦਕਿ ਦੂਸਰੀ ਬੀਬੀ ਧੰਨ ਕੌਰ ਰਕਬੇ ਨੇੜਲੇ ਪਿੰਡ ਢੱਟ ਵਿਖੇ ਸ: ਬੋਘਾ ਸਿੰਘ ਨਾਲ ਵਿਆਹੀ ਹੋਈ ਸੀ। ਇਹ ਪ੍ਰੀਵਾਰ ਸੰਤ ਬੂਟਾ ਸਿੰਘ ਰਕਬੇ ਵਾਲਿਆਂ ਦਾ ਸ਼ਰਧਾਲੂ ਸੀ। ਇਨ੍ਹਾਂ ਦੇ ਗ੍ਰਹਿ ਵਿਖੇ ੧੯੨੬ ਵਿੱਚ ਇੱਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਅਮੋਲਕ ਸਿੰਘ ਰੱਖਿਆ ਗਿਆ। ਇਹੀ ਬਾਲਕ ਵੱਡਾ ਹੋ ਕੇ ਗਿ: ਅਮੋਲਕ ਸਿੰਘ ਯੂ.ਕੇ. ਦੇ ਨਾਮ ਨਾਲ ਪ੍ਰਸਿੱਧ ਹੋਇਆ।

Mata Sharan Kaur Ji

ਮਾਤਾ ਸ਼ਰਨ ਕੌਰ ਜੀ (ਧਰਮ ਪਤਨੀ ਮਾ: ਜੁਗਿੰਦਰ ਸਿੰਘ ਜੀ),
ਗਿ: ਅਮੋਲਕ ਸਿੰਘ ਜੀ ਅਤੇ ਕੁਝ ਪਰਿਵਾਰਕ ਮੈਂਬਰ

ਅੰਮ੍ਰਿਤ ਪਾਨ ਕਰਨ ਉਪਰੰਤ ਹਰਨਾਮ ਸਿੰਘ ਤੋਂ ਸਿੰਘ ਸਜੇ ਮਾ: ਜੁਗਿੰਦਰ ਸਿੰਘ ਜੀ ਨੇ ੧੯੨੫ ਤੋਂ ੧੯੩੭ ਤੱਕ ਗੁਰੂ ਹਰਿਗੋਬਿੰਦ ਖ਼ਾਲਸਾ ਹਾਈ ਸਕੂਲ ਗੁਰੂਸਰ ਸਧਾਰ ਵਿਖੇ ਅਧਿਆਪਕ ਵਜੋਂ ਸੇਵਾ ਨਿਭਾਈ। ਫਿਰ ੧੯੩੭ ਤੋਂ ੧੯੪੦ ਤੱਕ ਆਪ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਵਿਖੇ ਸਕੱਤਰ ਦੇ ਅਹੁਦੇ ਤੇ ਨਿਯੁਕਤ ਰਹੇ। ਇਸ ਉਪਰੰਤ ਆਪ ਗੌਰਮਿੰਟ ਅਧਿਆਪਕ ਵਜੋਂ ਵੀ ਚੁਣੇ ਗਏ ਪਰ ਆਪ ਮੁੜ ਗੁਰੂਸਰ ਸਧਾਰ ਵਿਖੇ ਆ ਗਏ। ਇਥੋਂ ਆਪ ੧੯੫੮ ਵਿੱਚ ਰਿਟਾਇਰ ਹੋਏ ਅਤੇ ਫਿਰ ਆਪ ਨੇ ਲੁਧਿਆਣੇ ਇੱਕ ਪ੍ਰਿੰਟਿੰਗ ਪੈ੍ਰੱਸ (ਛਾਪਾਖਾਨਾ) ਚਲਾਈ ਜੋ ੧੯੬੪ ਤੱਕ ਚਲਦੀ ਰਹੀ।

Amrit Paan

੧੯੩੨ ਵਿੱਚ ਮਾ: ਜੁਗਿੰਦਰ ਸਿੰਘ ਜੀ ਨੇ ਆਪਣੇ ਨਗਰ ਬੜੂੰਦੀ ਦੇ ਪੱਤੀ ਸੇਖੋਂ ਦੇ ਗੁਰੂਘਰ ਦੀ ਉਸਾਰੀ ਕਰਵਾਈ ਜਿਸ ਦਾ ਨੀਂਹ ਪੱਥਰ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਰੱਖਿਆ ਸੀ। ਗੁਰੂਘਰ ਦੀ ਮੌਜੂਦਾ ਤਸਵੀਰ (੨੦੨੩):

Gurughar di Moujuda Tasveer

੧੯੩੦ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੀ ਜੇਲ੍ਹ ਯਾਤਰਾ ਉਪਰੰਤ ਵਾਪਸ ਨਾਰੰਗਵਾਲ ਆ ਚੁੱਕੇ ਸਨ। ਗੁਰੂਸਰ ਸਧਾਰ ਸਕੂਲ ਦੇ ਮੁੱਖ ਅਧਿਆਪਕ ਪ੍ਰਿੰ: ਇਕਬਾਲ ਸਿੰਘ ਜੀ ਬੋਪਾਰਾਏ, ਜੋ ਮਾ: ਜੁਗਿੰਦਰ ਸਿੰਘ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ, ਉਹ ਭਾਈ ਸਾਹਿਬ ਜੀ ਦੇ ਵੀ ਅਤਿ ਨਿਕਟਵਰਤੀ ਸਨ। ਪ੍ਰਿੰ: ਸਾਹਿਬ ਨੇ ੧੯੧੧ ਵਿੱਚ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਅੰਮ੍ਰਿਤਪਾਨ ਕੀਤਾ ਸੀ। ਗੁ: ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹੇ ਜਾਣ ਦੇ ਮਾਮਲੇ ਵਿੱਚ ਭਾਈ ਸਾਹਿਬ ਜੀ ਦਾ ਸਹਿਯੋਗ ਕੀਤਾ ਸੀ ਅਤੇ ਜਦੋਂ ਭਾਈ ਸਾਹਿਬ ਜੀ ਨੇ ਮੁਲਤਾਨ ਜੇਲ੍ਹ ਵਿੱਚ ਹੜਤਾਲ ਕੀਤੀ ਸੀ ਤਾਂ ਇਸ ਮਾਮਲੇ ਨੂੰ ਸੁਲਝਾਉਣ ਲਈ ਪ੍ਰਿੰ: ਇਕਬਾਲ ਸਿੰਘ ਜੀ ਕਈ ਮਹੀਨੇ ਮੁਲਤਾਨ ਰਹੇ ਸਨ। ਗੁਰੂਸਰ ਸਧਾਰ ਸਕੂਲ ਦੇ ਅਧਿਆਪਕਾਂ ਦਾ ਵੱਡਾ ਹਿੱਸਾ ਵਧੀਆ ਕੀਰਤਨੀਏ ਅਤੇ ਸ਼ੁੱਧ ਪਾਠ ਕਰਨ ਵਾਲੇ ਪਾਠੀਆਂ ਦਾ ਸੀ ਖ਼ਾਸ ਕਰਕੇ ਮ: ਜੁਗਿੰਦਰ ਸਿੰਘ ਜੀ ਦਾ ਪਾਠ ਨਿਖੜਵਾਂ ਤੇ ਟਿਕਾਉ ਵਾਲਾ ਹੁੰਦਾ ਸੀ। ਪ੍ਰਿੰ: ਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਇਹ ਜੱਥਾ ਗੱਜ ਬੱਜ ਕੇ ਭਾਈ ਸਾਹਿਬ ਜੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲੱਗ ਪਿਆ, ਜਿਸ ਦਾ ਸਦਕਾ ਭਾਈ ਸਾਹਿਬ ਜੀ ਅਤੇ ਮਾ: ਜੁਗਿੰਦਰ ਸਿੰਘ ਜੀ ਵਿੱਚ ਗੂੜਾ ਪਿਆਰ ਬਣ ਗਿਆ। ਥੋੜ੍ਹੇ ਹੀ ਸਮੇਂ ਵਿੱਚ ਮਾ: ਜੁਗਿੰਦਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਆਦਰਸ਼ਕ ਸਿੱਖੀ ਜੀਵਨ ਜਿਉਣ ਵਾਲੇ ਗੁਰਸਿੱਖਾਂ ਵਜੋਂ ਜਾਣੇ ਜਾਣ ਲੱਗ ਪਏ। ਮਾਸਟਰ ਜੀ ਆਪ ਵੀ ਭਾਈ ਸਾਹਿਬ ਤੋਂ ਪਹਿਲਾਂ ਕਈ ਵਾਰੀ ਕੀਰਤਨ ਵੀ ਕਰਿਆ ਕਰਦੇ ਸਨ।

Giani Amolak Singh & Principal Iqbal Singh Boparai

Giani Amolak Singh (centre) &
Principal Iqbal Singh Boparai (right)

ਇੱਕ ਵਾਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਸਪੁੱਤਰ ਸ: ਬਲਵੀਰ ਸਿੰਘ ਅਤੇ ਸਪੁੱਤਰੀ ਬੀਬੀ ਦਲੇਰ ਕੌਰ ਦੇ ਅਨੰਦ ਕਾਰਜਾਂ ਸੰਬੰਧੀ ਨਾਰੰਗਵਾਲ ਵਿਖੇ ਅਖੰਡਪਾਠ ਹੋਇਆ ਸੀ। ਮਾਸਟਰ ਜੀ ਪਾਠ ਕਰ ਰਹੇ ਸਨ ਅਤੇ ਪਟਿਆਲਾ ਰਿਆਸਤ ਦੇ ਉਸ ਸਮੇਂ ਦੇ ਮਾਲ ਅਫ਼ਸਰ ਸ: ਜੁਗਿੰਦਰ ਸਿੰਘ ਜੀ ਕਿਲ੍ਹਾ ਰਾਏਪੁਰ ਵਾਲੇ ਭਾਈ ਸਾਹਿਬ ਜੀ ਦੇ ਨਾਲ ਬੈਠੇ ਪਾਠ ਸਰਵਣ ਕਰ ਰਹੇ ਸਨ। ਆਪ ਦੇ ਅੰਦਰ ਫੁਰਨਾ ਫੁਰਿਆ ਕਿ ਕਿਉਂ ਨਾ ਆਪਣੀ ਬੇਟੀ ਬੀਬੀ ਸ਼ਰਨ ਕੌਰ ਦਾ ਰਿਸ਼ਤਾ ਮਾਸਟਰ ਜੀ ਨਾਲ ਕਰ ਦਿੱਤਾ ਜਾਵੇ। ਜਦੋਂ ਉਨ੍ਹਾਂ ਭਾਈ ਸਾਹਿਬ ਜੀ ਨਾਲ ਮਸ਼ਵਰਾ ਕੀਤਾ ਤਾਂ ਰੱਬ ਦੀ ਨੇਤ ਨਾਲ ਉਸੇ ਸਮਾਗਮ ਵਿੱਚੇ ਹੀ ਇਸ ਜੋੜੇ ਦੇ ਵੀ ਅਨੰਦ ਕਾਰਜ ਹੋ ਗਏ। ਪੁਰਾਤਨ ਗੁਰਸਿੱਖ ਵੀ ਧੰਨ ਸਨ ਜਿਨ੍ਹਾਂ ਆਪਣੀ ਪਦ-ਪਦਵੀ ਦਾ ਗੁਮਾਨ ਨਾ ਕਰਦੇ ਹੋਏ ਇੱਕ ਸਾਧਾਰਣ ਪ੍ਰੀਵਾਰ ਦੇ ਗੁਣਵਾਨ ਸਿੱਖ ਨਾਲ ਆਪਣੀ ਬੱਚੀ ਦਾ ਰਿਸ਼ਤਾ ਗੰਢ ਦਿੱਤਾ।

ਇਸ ਪੂਰੀ ਵਿਥਿਆ ਦਾ ਜ਼ਿਕਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪੁਸਤਕ “ਰੰਗਲੇ ਸੱਜਣ” ਵਿੱਚ ੨੦ਵੇਂ ਸਿਰਲੇਖ “ਸਿਰੀ ਭਾਈ ਜੁਗਿੰਦਰ ਸਿੰਘ ਜੀ ਰਾਇਪੁਰ ਨਿਵਾਸੀ” ਵਿੱਚ ਕੀਤਾ ਹੋਇਆ ਹੈ। ਭਾਈ ਜੁਗਿੰਦਰ ਸਿੰਘ ਜੀ ਰਾਇਪੁਰ ਵਾਲਿਆਂ ਦੀ ਧਰਮ ਪਤਨੀ ਬੀਬੀ ਹਰਬੰਸ ਕੌਰ ਜੀ ਦੇ ਪ੍ਰੀਵਾਰ ਦਾ ਜ਼ਿਕਰ ਇਸੇ ਪੁਸਤਕ ਦੇ ੧੧ਵੇਂ ਸਿਰਲੇਖ ਵਿੱਚ ਮਿਲਦਾ ਹੈ ਅਤੇ ਬੀਬੀ ਹਰਬੰਸ ਕੌਰ ਜੀ ਦੇ ਚਾਚਾ ਜੀ, ਭਾਈ ਹੀਰਾ ਸਿੰਘ ਦਾਊਦਪੁਰੀ, ਬਾਰੇ ੧੨ਵੇਂ ਅਧਿਆਇ ਵਿੱਚ ਪੂਰੀ ਜਾਣਕਾਰੀ ਦਿੱਤੀ ਹੋਈ ਹੈ।

Rangley Sajjan Bhai Joginder Singh Raipur

Rangley Sajjan Bhai Joginder Singh Raipur

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗਰਮੀਆਂ ਵਿੱਚ ਅਕਸਰ ਕੁਮਾਰਹਟੀ ਜਾਇਆ ਕਰਦੇ, ਜਿੱਥੇ ਕੀਰਤਨ ਅਖਾੜੇ ਤੇ ਦੀਵਾਨ ਸਜਿਆ ਕਰਦੇ ਸਨ। ਇਸ ਰਮਣੀਕ ਜਗ੍ਹਾ ਤੇ ਬੈਠ ਕੇ ਭਾਈ ਸਾਹਿਬ ਜੀ ਆਪਣੀਆਂ ਪੁਸਤਕਾਂ ਦੇ ਖਰੜੇ ਵੀ ਤਿਆਰ ਕਰਵਾਉਂਦੇ ਸਨ। ਇਸ ਸੇਵਾ ਦੀ ਉਚੇਚੀ ਜ਼ਿੰਮੇਵਾਰੀ ਮਾ: ਜੁਗਿੰਦਰ ਸਿੰਘ ਜੀ ਦੀ ਭਾਈ ਸਾਹਿਬ ਜੀ ਵੱਲੋਂ ਲਾਈ ਹੋਈ ਸੀ। ਭਾਈ ਸਾਹਿਬ ਜੀ ਦੀਆਂ ਹੱਥ ਲਿਖਤਾਂ ਨੂੰ ਹਰ ਕੋਈ ਪੜ੍ਹ ਨਹੀਂ ਸਕਦਾ ਸੀ, ਪਰ ਮਾ: ਜੁਗਿੰਦਰ ਸਿੰਘ ਜੀ ਇਹ ਕੰਮ ਸਹਿਜੇ ਹੀ ਕਰ ਲੈਂਦੇ ਸਨ। ਤਕਰੀਬਨ ਹਰ ਸਾਲ ਸਕੂਲਾਂ ਵਿਚਲੀਆਂ ਗਰਮੀਆਂ ਦੀਆਂ ਛੱੁਟੀਆਂ ਦੌਰਾਨ ਮਾਸਟਰ ਜੀ ਉਚੇਚੇ ਕੁਮਾਰਹਟੀ ਜਾਇਆ ਕਰਦੇ ਤੇ ਸੁਧਾਈ ਉਪਰੰਤ ਖੁਸ਼ਕੱਤ ਲਿਖਾਈ ਵਿੱਚ ਖਰੜੇ ਤਿਆਰ ਕਰਨ ਦੀ ਸੇਵਾ ਨਿਭਾਉਂਦੇ ਰਹੇ। ਭਾਈ ਸਾਹਿਬ ਜੀ ਦੀ ਪੁਸਤਕ “ਗੁਰਮਤਿ ਮੰਡਨ ਅਨਮਤ ਖੰਡਨ” ਦੀ ਤਿਆਰੀ ਵੇਲੇ ਸਤੰਬਰ ੧੯੫੪ ਦੀ ਇਹ ਤਸਵੀਰ, ਜਿਸ ਵਿੱਚ ਭਾਈ ਸਾਹਿਬ ਜੀ ਮੂੰਹੋਂ ਬੋਲਦੇ ਜਾਂਦੇ ਤੇ ਮਾਸਟਰ ਜੀ ਲਿਖਦੇ ਜਾਂਦੇ, ਗਵਾਹੀ ਭਰਦੀ ਹੈ।

Master Joginder Singh Barundi & Bhai Sahib Randhir Singh at Kumarhatti

Master Joginder Singh Barundi &
Bhai Sahib Randhir Singh at Kumarhatti

ਮਾ: ਜੁਗਿੰਦਰ ਸਿੰਘ ਜੀ ਨੇ ਸਿੱਖੀ ਸਿਦਕ ਅਤੇ ਸਿੱਖੀ ਅਸੂਲਾਂ ਵਿੱਚ ਪ੍ਰਪੱਕ ਰਹਿੰਦਿਆਂ ਬਹੁਤ ਲੰਮਾ ਸਮਾਂ ਸਾਧ ਸੰਗਤਿ ਤੇ ਗੁਰੂ ਪੰਥ ਦੀ ਸੇਵਾ ਕਰਦਿਆਂ ਆਪਣਾ ਜੀਵਨ ਸਫ਼ਲ ਕੀਤਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤ੍ਰ ਅਸਥਾਨ ਦੀ ਬਹੁਤ ਲੰਮੇ ਸਮੇਂ ਤੱਕ ਸੇਵਾ ਕਰਕੇ ਆਪਣਾ ਜਨਮ ਸਫ਼ਲ ਕੀਤਾ। ਇਸ ਵਿਦਿਅਕ ਸੋਮੇ ਤੋਂ ਹੁਣ ਤੱਕ ਕਈ ਹਜ਼ਾਰਾਂ ਵਿਦਿਆਰਥੀ ਵਿਦਿਆ ਪ੍ਰਾਪਤ ਕਰਕੇ ਉੱਚੇ ਅਹੁਦਿਆਂ ਤੇ ਪੁੱਜ ਕੇ ਆਪਣਾ ਅਤੇ ਆਪਣੇ ਮਾਪਿਆਂ ਦੇ ਨਾਮ ਨੂੰ ਰੌਸ਼ਨ ਕਰ ਚੁੱਕੇ ਹਨ।

ਨਗਰ ਬੜੂੰਦੀ ਦੇ ਪੱਤੀ ਸੇਖੋਂ ਵਾਲੇ ਜਿਸ ਗੁਰੂਘਰ ਦੀ ਉਸਾਰੀ ਆਪ ਨੇ ਕਰਵਾਈ ਸੀ, ਆਪ ਜੀ ਆਪਣੇ ਅੰਤਿਮ ਸਮੇਂ ਤੱਕ ਉਸ ਗੁਰੂਘਰ ਨਾਲ ਜੁੜੇ ਰਹੇ। ਸ਼ੁਰੂ ਤੋਂ ਅਖੀਰ ਤੱਕ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਸੰਗਤ ਨੇ ਸਰਬ ਸੰਮਤੀ ਨਾਲ ਆਪ ਨੂੰ ਹੀ ਸੌਂਪੀ ਹੋਈ ਸੀ। ਗੁਰਬਾਣੀ ਸੰਥਿਆ, ਗੁਰਮੁਖੀ ਕਲਾਸਾਂ ਤੇ ਕੀਰਤਨ ਸਿਖਾਉਣਾ ਆਦਿ ਸਾਰੇ ਕਾਰਜ ਆਪ ਹੀ ਕਰਿਆ ਕਰਦੇ। ਹਰ ਸੰਗਰਾਂਦ ਨੂੰ ਆਪਣੇ ਜਥੇ ਸਮੇਤ ਆਸਾ ਕੀ ਵਾਰ ਦਾ ਕੀਰਤਨ ਵੀ ਆਪ ਹੀ ਕਰਿਆ ਕਰਦੇ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਮੇਂ ਗੁਰੂਘਰ ਵਿਖੇ ਅਖੰਡਪਾਠ ਸਮਾਗਮ ਕਰਾਉਂਦੇ, ਵਿਚਕਾਰਲੇ ਦਿਨ ਨਗਰ ਕੀਰਤਨ ਧੂਮ ਧਾਮ ਨਾਲ ਅਤੇ ਉਸੇ ਦਿਨ ਸ਼ਾਮੀਂ ਆਪਣਾ ਸਾਈਕਲ ਚੁੱਕ ਕੇ ਲੁਧਿਆਣੇ ਅਖੰਡ ਕੀਰਤਨੀ ਜੱਥੇ ਦੇ ਰੈਣ ਸਬਾਈ ਸਮਾਗਮ ਵਿੱਚ ਜਾ ਹਾਜ਼ਰ ਹੁੰਦੇ, ਜਿੱਥੇ ਪੂਰੀ ਰਾਤ ਇੱਕੋ ਚੌਂਕੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਕੀਰਤਨ ਸਰਵਣ ਕਰਿਆ ਕਰਦੇ ਸਨ।

“ਜੋ ਦੀਸੈ ਸੋ ਚਾਲਣਹਾਰੁ” ਇਸ ਸੰਸਾਰ ਵਿੱਚ ਜੋ ਕੁਝ ਦਿਸਦਾ ਹੈ, ਵੱਡੇ ਵੱਡੇ ਰਾਜੇ ਮਹਾਰਾਜੇ, ਬਲੀ ਬਲਵਾਨ, ਧਨਾਢ ਜਾਂ ਲਾਉ ਲਸ਼ਕਰਾਂ ਦੇ ਮਾਲਕ, ਇਨ੍ਹਾਂ ਸਭਨਾਂ ਨੇ ਇੱਕ ਨਾ ਇੱਕ ਦਿਨ ਜ਼ਰੂਰ ਇਸ ਸੰਸਾਰ ਤੋਂ ਕੂਚ ਕਰਨਾ ਹੈ। ਇਹ ਕੁਦਰਤ ਦਾ ਅਟੱਲ ਨਿਯਮ ਹੈ ਜਿਸ ਨੂੰ ਕੋਈ ਬਦਲ ਨਹੀਂ ਸਕਦਾ। ਸੂਰਜ ਆਪਣੀਆਂ ਸੁਨਹਿਰੀ ਕਿਰਨਾਂ, ਸਾਰੇ ਸੰਸਾਰ ਵਿੱਚ ਬਖੇਰਦਾ ਹੋਇਆ, ਦੁਪਹਿਰ ਵੇਲੇ ਆਪਣੇ ਪੂਰੇ ਜੋਬਨ ਤੇ ਹੁੰਦਾ ਹੈ, ਪਰ ਇਸ ਤੋਂ ਮਗਰੋਂ ਇਹ ਢਲਣਾ ਸ਼ੁਰੂ ਹੋ ਜਾਂਦਾ ਹੈ ਤੇ ਅਖੀਰ ਇਹ ਬਿਲਕੁਲ ਹੀ ਅਲੋਪ ਹੋ ਜਾਂਦਾ ਹੈ। ਇਹ ਦੁਨੀਆਂ ਇੱਕ ਤਮਾਸ਼ਾ ਹੈ, ਆਉਣਾ ਜਾਣਾ ਇੱਕ ਖੇਡ ਹੈ ਅਤੇ ਸਾਰਾ ਸੰਸਾਰ ਹੀ ਇੱਕ ਸੁਪਨੇ ਦੇ ਨਿਆਈਂ ਹੈ।

ਮਾਸਟਰ ਜੀ ਦੇ ਜੀਵਨ ਸਫ਼ਰ ਦੇ ਅੰਤਲੇ ਤਕਰੀਬਨ ੬ ਮਹੀਨਿਆਂ ਦੌਰਾਨ ਕੁਝ ਅਜਿਹੇ ਸੰਕੇਤ ਮਿਲਦੇ ਹਨ, ਜਿਨ੍ਹਾਂ ਤੋਂ ਇਹ ਅਨੁਭਵ ਹੁੰਦਾ ਹੈ ਕਿ ਆਪ ਨੂੰ ਆਪਣੇ ਅੰਤਲੇ ਸਮੇਂ ਦੀ ਜ਼ਰੂਰ ਸੋਝੀ ਹੋ ਚੁੱਕੀ ਸੀ। ਆਪ ਆਪਣੇ ਗ੍ਰਹਿ ਵਿਖੇ ਇੱਕ ਕਮਰੇ ਵਿੱਚ, ਇੱਕ ਵਿਸ਼ੇਸ਼ ਤਖ਼ਤਪੋਸ਼ ਅਤੇ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ। ਨਗਰ ਕੀਰਤਨ ਵਾਲੇ ਦਿਨ ਆਪਣੇ ਘਰੋਂ ਪਾਲਕੀ ਤੇ ਗੁਰ-ਸਰੂਪ ਲਿਜਾ ਕੇ ਬੈਲਗੱਡੀ ਉੱਪਰ ਸਜਾਉਂਦੇ, ਆਪ ਤਾਬਿਆ ਬੈਠਦੇ, ਸੰਗਤਾਂ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਕੀਰਤਨ ਕਰਦੀਆਂ ਪੂਰੇ ਨਗਰ ਦੀ ਪ੍ਰਕਰਮਾ ਕਰਦੀਆਂ। ੧੯੬੩-੬੪ ਵਾਲੇ ਨਗਰ ਕੀਰਤਨ ਉਪਰੰਤ ਪਾਲਕੀ ਸਾਹਿਬ ਗੁਰੂ ਘਰ ਹੀ ਭੇਟ ਕਰ ਦਿੱਤੀ। ਫਿਰ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਆਪਣੇ ਖ਼ਾਸ ਸਨੇਹੀ ਸ: ਮਿਤਾ ਸਿੰਘ ਜੀ ਦੇ ਗ੍ਰਹਿ ਵਿਖੇ, ਆਪਣੇ ਘਰੋਂ ਗੁਰੂ ਸਾਹਿਬ ਦਾ ਸਰੂਪ ਲਿਜਾ ਕੇ ਅਖੰਡਪਾਠ ਕੀਤਾ। ਭੋਗ ਉਪਰੰਤ ਗੁਰੂ ਸਾਹਿਬ ਦਾ ਸਰੂਪ ਤੇ ਤਖ਼ਤਪੋਸ਼ ਵੀ ਪੱਤੀ ਸੇਖੋਂ ਗੁਰੂਘਰ ਹੀ ਭੇਟ ਕਰ ਦਿੱਤਾ।

ਇਹ ਉਹ ਸਮਾਂ ਸੀ ਜਦੋਂ ਆਪ ਲੁਧਿਆਣੇ ਰਹਿ ਕੇ ਪ੍ਰਿੰਟਿੰਗ ਪ੍ਰੈੱਸ ਚਲਾਉਂਦੇ ਸਨ ਤੇ ਹਰ ਤੀਜੇ ਚੌਥੇ ਹਫ਼ਤੇ ਘਰ ਆਇਆ ਕਰਦੇ ਸਨ। ਮਈ ੧੯੬੪ ਦੇ ਅਖੀਰਲੇ ਹਫ਼ਤੇ ਜਿਸ ਦਿਨ ਪਿੰਡ ਆਉਣਾ ਸੀ, ਤਾਂ ਆਪ ਨੂੰ ਦੰਦ ਪੀੜ ਕਾਰਨ ਇੱਕ ਜਾੜ ਕਢਵਾਉਣੀ ਪੈ ਗਈ। ਸ਼ਾਮੀਂ ਬੱਸ ਰਾਹੀਂ ਪਿੰਡ ਚਲੇ ਗਏ ਪਰ ਅਚਨਚੇਤ ਰਾਤ ਨੂੰ ਜਾੜ੍ਹ ਵਿੱਚੋਂ ਖੂਨ ਸਿਮਣਾ ਸ਼ੁਰੂ ਹੋ ਗਿਆ। ਅਗਲੀ ਸਵੇਰ ਪਿੰਡ ਦਾ ਡਾਕਟਰ ਬੁਲਾਇਆ ਪਰ ਉਹ ਖੂਨ ਸਿਮਣੋਂ ਨਾ ਰੋਕ ਸਕਿਆ। ਸ਼ਾਮੀਂ ਜਾ ਕੇ ਦੂਰੋਂ ਹੋਰ ਡਾਕਟਰ ਬੁਲਾਇਆ ਤਦ ਖੂਨ ਰੁਕਿਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਆਪ ਬਹੁਤ ਕਮਜ਼ੋਰ ਹੋ ਗਏ। ਤਕਰੀਬਨ ਤਿੰਨ ਹਫ਼ਤੇ ਘਰ ਹੀ ਰਹੇ। ਇੱਕ ਦਿਨ ਕੋਈ ਪ੍ਰੇਮੀ ਮਿਲਣ ਆਇਆ ਤਾਂ ਸਹਿਜੇ ਹੀ ਆਪ ਨੇ ਕਿਹਾ ਕਿ ਅਕਾਲ ਪੁਰਖ ਵੱਲੋਂ ਥੋੜ੍ਹਾ ਸਮਾਂ ਹੋਰ ਮਿਲ ਗਿਆ ਹੈ। ੨੫-੨੬ ਜੂਨ ਦੇ ਆਸਪਾਸ ਇੱਕ ਪੱਤਰ ਆਪਣੇ ਇੰਗਲੈਂਡ ਰਹਿੰਦੇ ਸਪੁੱਤਰ ਤੇਜਿੰਦਰ ਸਿੰਘ ਵੱਲ ਤੇ ਦੂਜਾ ਆਪਣੇ ਭਾਣਜੇ ਗਿ: ਅਮੋਲਕ ਸਿੰਘ ਜੋ ਈਸਟ ਅਫ਼ਰੀਕਾ ਰਹਿੰਦੇ ਸਨ, ਵੱਲ ਲਿਖਿਆ। *ਗਿ: ਅਮੋਲਕ ਸਿੰਘ ਜੀ ਵਾਲੇ ਪੱਤਰ ਵਿੱਚ ਗੁੱਝੇ ਸ਼ਬਦਾਂ ਰਾਹੀਂ ਆਪਣੀ ਆਖਰੀ ਫਤਹਿ ਗਜਾਈ ਹੋਈ ਸੀ।

ਮਾ: ਜੁਗਿੰਦਰ ਸਿੰਘ ਜੀ ਗਰਮੀਆਂ ਵਿੱਚ ਘਰੇ ਸੁਕਾਇਆ ਹੋਇਆ ਸਰ੍ਹੋਂ ਤੇ ਛੋਲਿਆਂ ਦਾ ਸਾਗ, ਵਿੱਚ ਤਰਦਾ ਦੇਸੀ ਘਿਉ, ਖਾਣ ਦੇ ਬਹੁਤ ਸ਼ੌਕੀਨ ਸਨ। ੨ ਜੁਲਾਈ ੧੯੬੪ ਵਾਲੇ ਦਿਨ ਸਵੇਰੇ ਹੀ ਆਪਣੀ ਧਰਮ ਪਤਨੀ ਬੀਬੀ ਸ਼ਰਨ ਕੌਰ ਕੋਲ ਦੁਪਹਿਰ ਸਮੇਂ ਸਾਗ ਖਾਣ ਦੀ ਇੱਛਾ ਜ਼ਾਹਿਰ ਕੀਤੀ। ਬੀਬੀ ਜੀ ਨੇ ਬਹੁਤ ਰੀਝ ਨਾਲ ਸਾਗ ਬਣਾ ਕੇ ਪ੍ਰਸ਼ਾਦਾ ਛਕਾਇਆ ਤੇ ਆਪ ਬਹੁਤ ਪ੍ਰਸੰਨ ਹੋਏ। ਉਸੇ ਦਿਨ ਸ਼ਾਮੀਂ ਸਿਰ ਦਰਦ ਦੀ ਸ਼ਿਕਾਇਤ ਕੀਤੀ ਪਰ ਬਦਕਿਸਮਤੀ ਨਾਲ ਕੋਈ ਵੀ ਡਾਕਟਰ ਪਿੰਡ ਵਿੱਚ ਨਹੀਂ ਸੀ। ਦੇਸੀ ਦਵਾਈ ਦਿੱਤੀ ਗਈ ਪਰ ਕੋਈ ਅਰਾਮ ਨਾ ਆਇਆ, ਸਗੋਂ ਤਕਲੀਫ਼ ਵਧਦੀ ਗਈ। ਰਾਤੀਂ ਦਸ ਵਜੇ ਦੇ ਕਰੀਬ ਆਪ ਅੰਤਰਮੁਖੀ ਸਿਮਰਨ ਵਿੱਚ ਲੀਨ ਹੋ ਗਏ ਤੇ ਕੁਝ ਬੇਹੋਸ਼ੀ ਜਿਹੀ ਹੋਣ ਲੱਗ ਪਈ। ਜੋ ਪਹਿਲਾਂ ਜਾੜ੍ਹ ਵਾਲਾ ਜ਼ਖ਼ਮ ਸੀ, ਮੁੜ ਉਸ ਵਿੱਚੋਂ ਖੂਨ ਰਿਸਣ ਲੱਗ ਪਿਆ। ਜਦੋਂ ਹਾਲਤ ਕੁਝ ਹੋਰ ਗੰਭੀਰ ਹੋਈ ਤਾਂ ਬੀਬੀ ਸ਼ਰਨ ਕੌਰ ਜੀ ਨੇ ਆਂਢ ਗੁਆਂਢ ਵਿੱਚੋਂ ਨਜ਼ਦੀਕੀ ਸੱਜਣਾਂ ਨੂੰ ਬੁਲਾਇਆ ਤੇ ਆਪ ਸੁਖਮਨੀ ਸਾਹਿਬ ਦਾ ਪਾਠ ਅਰੰਭ ਕਰ ਲਿਆ। ਰਾਤੀਂ ਕੋਈ ਦੋ ਵਜੇ ਦੇ ਕਰੀਬ ਇਧਰ ਬੀਬੀ ਜੀ ਚੌਥੀ ਅਸ਼ਟਪਦੀ ਦੀ ਤੁਕ “ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥” ਤੇ ਪਹੁੰਚੇ ਹੀ ਸਨ, ਉਧਰ ਮਾਸਟਰ ਜੀ ਨੇ ਆਪਣਾ ਅੰਤਿਮ ਸੁਆਰ ਲਿਆ ਤੇ ਜੀਵਨ ਲੀਲਾ ਸਮਾਪਤ ਹੋ ਗਈ। ਬੀਬੀ ਜੀ ਨੇ ਪਾਠ ਸੰਪੂਰਨ ਕੀਤਾ, ਉਪਰੰਤ ਆਪਣੀਆਂ ਸਪੁੱਤਰੀਆਂ ਬੀਬੀ ਰਾਜਿੰਦਰ ਕੌਰ ਤੇ ਬੀਬੀ ਜੀਵਿੰਦਰ ਕੌਰ ਨੂੰ ਪਾਠ ਜਾਰੀ ਰੱਖਣ ਲਈ ਕਿਹਾ ਤੇ ਆਪ ਉਸੇ ਵੇਲੇ ਪੰਜ ਸਿੰਘਾਂ ਨੂੰ ਤਿਆਰ ਕੀਤਾ। ਪਹਿਲੇ ਸਿੰਘ ਨੂੰ ਮੰਡੀ ਅਹਿਮਦਗੜ੍ਹ ਦੀ ਸੰਗਤ ਵੱਲ ਭੇਜਿਆ, ਦੂਜੇ ਨੂੰ ਲੁਧਿਆਣੇ ਦੀ ਸੰਗਤ ਵੱਲ, ਤੀਜੇ ਸਿੰਘ ਨੂੰ ਮਾ: ਉਜਾਗਰ ਸਿੰਘ ਫਰਵਾਲੀ ਵੱਲ, ਚੌਥੇ ਨੂੰ ਵੱਡੀ ਸਪੁੱਤਰੀ ਬੀਬੀ ਰਮਿੰਦਰ ਕੌਰ ਤੇ ਦਮਾਦ ਭਰਪੂਰ ਸਿੰਘ ਗੁਰੂਸਰ ਸਧਾਰ ਵੱਲ ਅਤੇ ਪੰਜਵੇਂ ਸਿੰਘ ਨੂੰ ਵੱਡੇ ਸਪੁੱਤਰ ਮਾ: ਨਰਿੰਦਰ ਸਿੰਘ ਵੱਲ ਜੋ ਜਗਰਾਉਂ ਨੇੜੇ ਪਿੰਡ ਹਠੂਰ ਵਿਖੇ ਅਧਿਆਪਕ ਸਨ। ਉਨ੍ਹਾਂ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਸਿਰਫ਼ ਪੈਦਲ ਜਾਂ ਸਾਈਕਲ ਹੀ ਹੁੰਦੇ ਸਨ। ਦਿਨ ਵੇਲੇ ਕਿਧਰੇ ਕਿਧਰੇ ਬੱਸ ਮਿਲ ਜਾਂਦੀ ਸੀ। ਦਿਨ ਚੜ੍ਹਨ ਤੋਂ ਪਹਿਲਾਂ ਹੀ ਸੰਗਤਾਂ ਆਉਣੀਆਂ ਅਰੰਭ ਹੋ ਗਈਆਂ। ਮਾ: ਉਜਾਗਰ ਸਿੰਘ ਜੀ ਨੇ ਪਹੁੰਚਦਿਆਂ ਹੀ ਚਲਦੇ ਪਾਠ ਦੀ ਵਾਰੀ ਲੈ ਕੇ ਬਹੁਤ ਵੈਰਾਗਮਈ ਪਾਠ ਸ਼ੁਰੂ ਕਰ ਦਿੱਤਾ। ਸੰਗਤਾਂ ਵੀ ਵੈਰਾਗਮਈ ਹੋ ਰਹੀਆਂ ਸਨ ਪਰ ਬੀਬੀ ਸ਼ਰਨ ਕੌਰ ਨੇ ਕਿਸੇ ਨੂੰ ਰੋਣ ਕੁਰਲਾਉਣ ਨਹੀਂ ਦਿੱਤਾ ਸੀ। ਸਾਰੇ ਪ੍ਰੀਵਾਰਿਕ ਮੈਂਬਰਾਂ ਦੇ ਪੁੱਜਣ ਉਪਰੰਤ ਮਾਸਟਰ ਜੀ ਦਾ ਅੰਤਿਮ ਇਸ਼ਨਾਨ ਕਰਾਇਆ ਗਿਆ।

Master Joginder Singh Ji Death
Master Joginder Singh Ji Death

ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ॥ ਸਚੀ ਦਰਗਹ ਜਾਇ ਸਚਾ ਪਿੜ ਮਲਿਆ॥
ਗੁਰਮੁਖਿ ਭੋਜਨੁ ਭਾਉ ਚਾਉ ਅਲਲਿਆ॥ ਗੁਰਮੁਖਿ ਨਿਹਚਲੁ ਚਿਤੁ ਨ ਹਲੈ ਹਲਿਆ॥
ਗੁਰਮੁਖਿ ਸਚੁ ਅਲਾਉ ਭਲੀ ਹੂ ਭਲਿਆ॥ ਗੁਰਮੁਖਿ ਸਦੇ ਜਾਨਿ ਆਵਨਿ ਘਲਿਆ॥

੩ ਜੁਲਾਈ ੧੯੬੪ ਦਾ ਸਿਖ਼ਰ ਦੁਪਹਿਰ, ਕੜਾਕੇ ਦੀ ਧੁੱਪ ਕਾਰਨ ਹਰ ਪਾਸੇ ਤ੍ਰਾਹ ਤ੍ਰਾਹ ਹੋ ਰਹੀ ਸੀ। ਇਸ਼ਨਾਨ ਉਪਰੰਤ, ਸੋਹਣੇ ਵਸਤਰ ਪਹਿਨਾ ਕੇ, ਦਰਸ਼ਨਾਂ ਲਈ ਮਾ: ਜੁਗਿੰਦਰ ਸਿੰਘ ਜੀ ਦੀ ਦੇਹ ਇੱਕ ਛੋਟੀ ਪਾਲਕੀ ਤੇ ਸੱਜ ਚੁੱਕੀ ਸੀ, ਸੰਗਤਾਂ ਦਾ ਭਾਰੀ ਇਕੱਠ ਵੀ ਜੁੜ ਚੁੱਕਾ ਸੀ। ਪਰ ਲੁਧਿਆਣੇ ਦੀ ਸੰਗਤ ਦੀ ਅਜੇ ਉਡੀਕ ਹੋ ਰਹੀ ਸੀ। ਥੋੜ੍ਹੇ ਹੀ ਸਮੇਂ ਪਿੱਛੋਂ ਲੁਧਿਆਣੇ ਵਾਲੀ ਸੰਗਤ ਵੀ ਪੁੱਜ ਗਈ, ਜਿਸ ਵਿੱਚ ਭਾ: ਬਲਬੀਰ ਸਿੰਘ ਜੀ (ਸਪੁੱਤਰ ਭਾਈ ਸਾਹਿਬ ਭਾਈ ਰਣਧੀਰ ਸਿੰਘ), ਬੀਬੀ ਦਲੇਰ ਕੌਰ (ਸਪੁੱਤਰੀ ਭਾਈ ਸਾਹਿਬ) ਅਤੇ ਭਾਈ ਜੀਵਨ ਸਿੰਘ ਜੀ ਵੀ ਸ਼ਾਮਲ ਸਨ।

On route to the funeral pyre

On route to the funeral pyre

Bhai Balbir Singh (centre), son of Bhai Sahib Randhir Singh Ji amongst the Sangat

Bhai Balbir Singh (centre), son of Bhai Sahib
Randhir Singh Ji amongst the Sangat

ਭਾਈ ਜੀਵਨ ਸਿੰਘ ਜੀ ਨੇ ਗੁਰੂ ਘਰੋਂ ਹਰਮੋਨੀਅਮ, ਢੋਲਕ ਅਤੇ ਚਿਮਟਾ ਮੰਗਵਾ ਕੇ ਉਪਰਲੇ ਸ਼ਬਦ ਦੁਆਰਾ ਕੀਰਤਨ ਅਰੰਭ ਕਰ ਲਿਆ ਤੇ ਪਾਲਕੀ ਤੋਂ ਅੱਗੇ ਹੋ ਤੁਰੇ। ਅਜੇ ਮਸਾਂ ਵੀਹ ਕੁ ਕਦਮ ਪੁੱਟੇ ਹੋਣਗੇ ਕਿ ਅਚਾਨਕ ਅਸਮਾਨ ਵਿੱਚ ਕੁੱਝ ਬੱਦਲੀਆਂ ਇਕੱਠੀਆਂ ਹੋਈਆਂ ਤੇ ਕਿਣਮਿਣ ਸ਼ੁਰੁ ਹੋ ਗਈ ਜਿਸ ਨਾਲ ਮੌਸਮ ਸੀਤਲ ਹੋ ਗਿਆ। ਕੀਰਤਨ ਕਰਦੀਆਂ ਸੰਗਤਾਂ ਸ਼ਮਸ਼ਾਨ ਭੂਮੀ ਪਹੁੰਚ ਗਈਆਂ, ਚਿਖਾ ਨੂੰ ਲਾਂਬੂ ਲਾਉਣ ਉਪਰੰਤ ਭਾਈ ਜੀਵਨ ਸਿੰਘ ਜੀ ਉਥੇ ਹੀ ਜ਼ਮੀਨ ਤੇ ਸਜ ਗਏ ਤੇ ਕੀਰਤਨ ਜਾਰੀ ਰੱਖਿਆ, ਤਕਰੀਬਨ ਦੋ ਘੰਟੇ ਕੀਰਤਨ ਹੁੰਦਾ ਰਿਹਾ ਤੇ ਹਲਕੀਆਂ ਬੂੰਦਾਂ ਵੀ ਅਸਮਾਨੋਂ ਗਿਰਦੀਆਂ ਰਹੀਆਂ। ਅੰਗੀਠਾ ਕੁਝ ਠੰਢਾ ਹੋਣ ਉਪਰੰਤ ਸੰਗਤਾਂ ਗੁਰੂਘਰ ਆ ਗਈਆਂ ਜਿਥੇ ਫਿਰ ਕੁਝ ਦੇਰ ਕੀਰਤਨ ਹੋਇਆ। ਵਿਛੋੜੇ ਦੇ ਸੱਲ੍ਹ ਭਾਵੇਂ ਹਰ ਹਿਰਦੇ ਵਿੱਚ ਉਕਰੇ ਹੋਏ ਸਨ ਪਰ ਕੀਰਤਨ ਦੀਆਂ ਧੁਨਾਂ ਨੇ ਹਰ ਹਿਰਦੇ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਆ ਹੋਇਆ ਸੀ।

hai Jeevan Singh singing Shabad on Sangat route to pyre

Bhai Jeevan Singh singing Shabad
on Sangat route to pyre

Sangat

Sangat

ਮਾ: ਜੁਗਿੰਦਰ ਸਿੰਘ ਜੀ ਦੀ ਨਿੱਘੀ ਯਾਦ ਵਿੱਚ ਇੱਕ ਸਹਿਜ ਪਾਠ ਤੇ ਇੱਕ ਅਖੰਡ ਪਾਠ ਘਰ ਵਿੱਚ ਹੋਇਆ, ਉਪਰੰਤ ਪੱਤੀ ਸੇਖੋਂ ਦੇ ਗੁਰੂਘਰ ਵਿਖੇ ਦੀਵਾਨ ਸਜਿਆ ਜਿੱਥੇ ਸੰਗਤਾਂ ਦਾ ਭਾਰੀ ਇਕੱਠ ਹੋਇਆ। ਭੋਗ ਵਾਲੇ ਦਿਨ ਵੀ ਇੰਦ੍ਰ ਦੇਵਤੇ ਨੇ ਰੱਜ ਕੇ ਸ਼ਹਿਬਰਾਂ ਲਾਈਆਂ ਪਰ ਸੰਗਤਾਂ ਦੀ ਆਮਦ ਨੂੰ ਇੰਦ੍ਰ ਦੇਵਤਾ ਵੀ ਨਾ ਰੋਕ ਸਕਿਆ। ਲੁਧਿਆਣੇ ਅਤੇ ਅੰਮ੍ਰਿਤਸਰ ਦੀ ਸੰਗਤ ਵੱਲੋਂ ਵੀ ਆਪ ਦੀ ਯਾਦ ਵਿੱਚ ਅਖੰਡ ਪਾਠ ਕਰਵਾਏ ਗਏ ਅਤੇ ਇਸ ਤੋਂ ਇਲਾਵਾ ਹੋਰ ਅਨੇਕਾਂ ਥਾਈਂ ਸਹਿਜ ਪਾਠ ਕਰਵਾਏ ਗਏ।

*ਗਿ: ਅਮੋਲਕ ਸਿੰਘ ਜੀ ਦੱਸਿਆ ਕਰਦੇ ਸਨ ਕਿ ਜਦੋਂ ਉਨ੍ਹਾਂ ਮਾਸਟਰ ਜੀ ਦੀ ਗੁੱਝੇ ਬੋਲਾਂ ਵਾਲੀ ਚਿੱਠੀ ਪੜ੍ਹੀ ਤਾਂ ਉਹ ਸਮਝ ਗਏ ਸੀ ਕਿ ਆਪ ਛੇਤੀ ਹੀ ਗਗਨ ਉਡਾਰੀ ਮਾਰਨ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਜਿਸ ਸਮੇਂ ਗਿਆਨੀ ਜੀ ਉਹ ਚਿੱਠੀ ਪੜ੍ਹ ਰਹੇ ਸੀ ਤਾਂ ਇਧਰ ਮਾਸਟਰ ਜੀ ਦਾ ਅੰਤਿਮ ਸਸਕਾਰ ਹੋ ਰਿਹਾ ਸੀ। ਉਨੀਂ ਦਿਨੀ ਬਾਹਰਲੇ ਦੇਸ਼ਾਂ ਵਿੱਚ ਚਿੱਠੀ ਪਹੁੰਚਣ ਨੂੰ ਕਈ ਕਈ ਦਿਨ ਲੱਗ ਜਾਂਦੇ ਸਨ।

message us

© Copyright 2022 by Anant Parvaah Trust