ਇਹ ਉਤਾਰਾ ਮਾ: ਜੁਗਿੰਦਰ ਸਿੰਘ ਜੀ ਦੀ ਪਹਿਲੀ ਪੁਸਤਕ “ਗੁਰਮਤਿ ਗੁਹਜੁ ਰਤਨ” ਦੀ ਭੂਮਿਕਾ ਦਾ ਹੈ।
ਉਨ੍ਹਾਂ ਦੇ ਖੋਜ ਵਿਿਸ਼ਆਂ ਬਾਰੇ ਭਰਪੂਰ ਜਾਣਕਾਰੀ ਇਸ ਵਿੱਚ ਦਿੱਤੀ ਹੋਈ ਹੈ।
- ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ॥
ਜਿਸੁ ਵਡ ਭਾਗੁ ਹੋਵੈ ਵਡ ਮਸਤਕਿ ਤਿਿਨ ਗੁਰਮਤਿ ਕਢਿ ਕਾਢਿ ਲੀਆ॥ (੮੮੦)
ਗੁਰਬਾਣੀ ਗੁਰੂ ਰੂਪ ਹੋਣ ਕਰਕੇ ਸਿੱਖ ਧਰਮ ਦਾ ਖ਼ਾਸ ਤੌਰ ’ਤੇ ਪੂਜਨੀਕ ਇਸ਼ਟ ਹੈ। ਇਸ ਵਿੱਚ ਅਮੋਲਕ ਹੀਰੇ, ਲਾਲ, ਰਤਨ, ਜਵਾਹਰ ਅਤੇ ਮਾਣਕ ਭਰੇ ਪਏ ਹਨ। ਇਨ੍ਹਾਂ ਦੀ ਕੀਮਤ ਅਤੇ ਕਦਰ ਕੋਈ ਗੁਰਮਤਿ ਦੇ ਧਾਰਨੀ ਵਿਰਲੇ ਵਾਂਝੇ ਆਤਮਿਕ ਰਸਾਂ ਤੇ ਗਿਆਤੇ ਮਰਜੀਵੜੇ ਗੁਰਸਿੱਖ ਹੀ ਅਨੁਭਵ ਕਰ ਸਕਦੇ ਹਨ।
- ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥
ਬਾਣੀ ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਰਾਮ॥ (੪੪੨)
ਗੁਰਬਾਣੀ ਅੰਦਰ ਜਿੱਥੇ ਹਰ ਇੱਕ ਪਦਾਰਥ ਦੇ ਪ੍ਰਖਣ ਲਈ ਅਸਲ ਲਕਸ਼ਨ ਦਿੱਤੇ ਮਿਲਦੇ ਹਨ ਉਥੇ ਗੁਰਬਾਣੀ ਨੂੰ ਆਮ ਕੱਚੀਆਂ ਬਾਣੀਆਂ ਨਾਲੋਂ ਭਿੰਨ ਤੇ ਨਿਰਾਲੀ ਸਿੱਧ ਕਰਨ ਲਈ ਅਕਾਲੀ ਅਥਵਾ ਧੁਰ ਕੀ ਬਾਣੀ ਦੇ ਆਪਣੇ ਲਕਸ਼ਨ ਵੀ ਗੁਰਬਾਣੀ ਅੰਦਰ ਮੌਜੂਦ ਹਨ ਜਿਨ੍ਹਾਂ ਦੇ ਕਸਵੱਟੀ ਵਜੋਂ ਵਰਤਿਆ ਕੱਚੀ ਬਾਣੀ ਕੱਚ ਪਿੱਚ ਹੋਣ ਦੇ ਕਾਰਨ ਆਪੋਂ ਹੀ ਝੜ ਪੈਂਦੀ ਹੈ। ਇਸ ਆਸ਼ੇ ਨੂੰ ਮੁੱਖ ਰੱਖ ਕੇ ਕੋਈ ਵੀਹ ਕੁ ਸਾਲ ਦੀ ਗੱਲ ਹੈ ਇੱਕ ਖ਼ਾਸ ਨਿਵੇਕਲੀ ਥਾਂ ’ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਠ ਇੱਕ ਮਨ ਇੱਕ ਚਿਤ ਹੋ ਕੇ ਬੜੀ ਸ਼ਰਧਾ ਭਾਵਨਾ ਨਾਲ ਕੀਤਾ ਗਿਆ। ਗੁਰਬਾਣੀ ਬਾਰੇ ਜਿਤਨੀਆਂ ਗੁਰ ਪੰਗਤੀਆਂ ਆਈਆਂ ਇੱਕ ਵੱਖਰੀ ਕਾਪੀ ਤੇ ਲਗਾਂ ਮਾਤਰਾਂ ਦੀ ਸੁਧਾਈ ਨਾਲ ਨੋਟ ਕੀਤੀਆਂ ਗਈਆਂ। ਇਨ੍ਹਾਂ ਪੰਗਤੀਆਂ ਦੇ ਮੁੜਿ ਮੁੜਿ ਪਾਠ ਕਰਨ ਨਾਲ ਮਾਨੋ ਗੁਰਬਾਣੀ ਦਾ ਇੱਕ ਵੱਖਰਾ ਪ੍ਰਕਰਣ ਹੀ ਤਿਆਰ ਹੋ ਗਿਆ ਜੋ ਵੱਖ ਵੱਖ ਹੈਡਿੰਗ ਦੇ ਕੇ ਇੱਕ ਨਵੀਂ ਵੱਖਰੀ ਕਾਪੀ ਤੇ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਕਈ ਕੁ ਹੋਰ ਬਹੁਤ ਸਾਰੇ ਪ੍ਰਕਰਣਾਂ ਬਾਰੇ ਖੋਜ ਕਰਨ ਦਾ ਪ੍ਰਬਲ ਫੁਰਨਾ ਵੀ ਫੁਰਿਆ ਜੈਸਾ ਕਿ ਗੁਰਮਤਿ ਨਾਮ, ਗੁਰਮਤਿ ਵਿੱਦਿਆ ਤੇ ਆਨਮਤਿ ਵਿੱਦਿਆ, ਬੇਦ ਪੁਰਾਣ ਤੇ ਕਤੇਬ ਕੁਰਾਨ, ਹਉਮੈ, ਗੁਰਮਤਿ ਭਗਤਿ, ਕਲਜੁਗ ਦਾ ਧਰਮ, ਗੁਰੂ ਘਰ ਦੇ ਤੀਰਥ ਅਤੇ ਆਨਮਤਿ ਧਰਮਾਂ ਦੇ ਤੀਰਥ, ਅੰਮ੍ਰਿਤ, ਗੁਰਮਤਿ ਗਿਆਨੁ, ਗੁਰਮਤਿ ਸਬਦੁ, ਮਨਮੁਖ, ਗੁਰਮੁਖ ਅਤੇ ਸਤਿਗੁਰੁ ਆਦਿ ਕਈ ਪ੍ਰਕਰਣ ਵੀਹ ਕੁ ਸਾਲਾਂ ਦੀ ਘਾਲਣਾ ਨਾਲ ਸੁਤੇ ਸਿੱਧ ਹੀ ਵਿਸਥਾਰ ਪੂਰਵਕ ਤਿਆਰ ਹੋ ਗਏ। ਉਪਰੋਕਤ ਪ੍ਰਕਰਣਾਂ ਦੇ ਤਿਆਰ ਕਰਨ ਦਾ ਮੁੱਖ ਮਨੋਰਥ ਕੇਵਲ ਆਪਣੀ ਨਿੱਜ ਦੀ ਖੋਜ ਹੀ ਸੀ। ਜੋ ਆਤਮਿਕ ਅਨੰਦ ਇਨ੍ਹਾਂ ਦੀ ਤਿਆਰੀ ਕਰਨ ਸਮੇਂ ਪ੍ਰਾਪਤ ਹੋਇਆ ਉਹ ਕਥਨ ਅਤੇ ਲਿਖਤ ਵਿੱਚ ਨਹੀਂ ਆ ਸਕਦਾ।
ਇਹ ਗੱਲ ਕਈ ਕੁ ਗੁਰਮੁਖ ਪਿਆਰਿਆਂ ਨਾਮ ਰਸੀਆਂ ਅਤੇ ਪੰਥ ਪ੍ਰਸਿੱਧ ਪੰਡਤਾਂ ਪਾਸੋਂ ਪਹਿਲਾਂ ਹੀ ਦ੍ਰਿੜ੍ਹ ਹੋ ਚੁੱਕੀ ਸੀ ਕਿ ਗੁਰਬਾਣੀ ਦੀ ਕਮਾਈ ਤੋਂ ਭਾਵ ਸਿਵਾਏ ਪੂਰੇ ਗੁਰੂ ਨੂੰ ਪੂਰੀ ਜੁਗਤ ਸਹਿਤ ਭੇਟ ਕੇ ਇਕੱਲਿਆਂ ਜਾਂ ਸਾਧ ਸੰਗਤ ਵਿੱਚ ਮਿਲ ਕੇ ਗੁਰਬਾਣੀ ਦੇ ਨਿਰੋਲ ਪਾਠ ਕਰਨ ਅਥਵਾ ਸੁਣਨ ਜਾਂ ਗੁਰਬਾਣੀ ਦਾ ਕੀਰਤਨ ਕਰਨ ਅਥਵਾ ਸੁਣਨ ਅਤੇ ਸੁਆਸ ਸੁਆਸ ਨਾਮ ਜਪਣ ਦੁਆਰਾ ਆਪਣੇ ਜੀਵਨ ਨੂੰ ਗੁਰਬਾਣੀ ਦੇ ਆਸ਼ੇ ਅਨੁਸਾਰ ਢਾਲਣ ਤੋਂ ਬਿਨਾਂ ਹੋਰ ਕੁਝ ਉਕਾ ਹੀ ਨਹੀਂ ਹੋ ਸਕਦਾ। ਸਰਬੱਗ ਮਹਾਂ ਪੁਰਖ ਰਾਹੀਂ ਧੁਰੋਂ ਆਈ ਅਕਾਲੀ ਬਾਣੀ ਦੇ ਅਰਥ ਜਾਂ ਕਥਾ ਅਲਪੱਗ ਜੀਵਾਂ ਦੇ ਕੱਚੇ ਪਿੱਚੇ ਸ਼ਬਦਾਂ ਰਾਹੀਂ ਕੀਤੀ ਜਾਣੀ ਉਕਾ ਹੀ ਇੱਕ ਅਣਹੋਣੀ ਗੱਲ ਹੈ। ਇਸ ਲਈ ਪ੍ਰਕਰਣਾਂ ਵਿੱਚ ਆਈ ਗੁਰਬਾਣੀ ਅਸਲ ਰੂਪ ਵਿੱਚ ਹੀ ਲਿਖ ਦਿੱਤੀ ਗਈ ਹੈ ਸਗੋਂ ਭਿੰਨ ਭਿੰਨ ਹੈਡਿੰਗਾਂ ਲਈ ਵਰਤੇ ਸ਼ਬਦ ਵੀ ਗੁਰਬਾਣੀ ਵਿੱਚੋਂ ਲੈਣ ਦਾ ਹੀ ਯਤਨ ਕੀਤਾ ਗਿਆ ਹੈ। ਹਾਂ ਜਿੱਥੇ ਕਿਤੇ ਤੁਕ ਲਿਖੀ ਹੈ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ੧੪੩੦ ਪੰਨੇ ਵਾਲੀ ਬੀੜ ਦਾ ਪੰਨਾ ਜ਼ਰੂਰ ਸਾਹਮਣੇ ਦਰਜ ਕਰ ਦਿੱਤਾ ਹੈ ਤਾਂ ਜੋ ਲੋੜ ਪੈਣ ਤੇ ਅਸਲ ਤੁਕ ਸੁਖੈਨ ਹੀ ਲੱਭੀ ਜਾ ਸਕੇ। ਤੁਕ ਦਾ ਅਸਲ ਗੋਹਜ ਭਾਵ ਸਪੱਸ਼ਟ ਕਰਨ ਲਈ ਕਿਤੇ ਕਿਤੇ ਖ਼ਾਸ ਖ਼ਾਸ ਸ਼ਬਦਾਂ ਹੇਠ ਲਕੀਰਾਂ (ਡੈਸ਼ਾਂ) ਵੀ ਦਿੱਤੀਆਂ ਗਈਆਂ ਹਨ।
ਨਿਵੇਦਕ ਦਾਸ
ਜੁਗਿੰਦਰ ਸਿੰਘ ਮਾਸਟਰ
ਪਿੰਡ ਤੇ ਡਾਕ ਘਰ ਬੜੂੰਦੀ
ਜ਼ਿਲ੍ਹਾ ਲੁਧਿਆਣਾ
Download Pdf
© Copyright 2022 by Anant Parvaah Trust